Episode Details
Back to Episodes
89. ਆਪਣੇ ਆਪ ਨੂੰ ਮੁਕਤ ਕਰਨਾ
Season 7
Episode 89
Published 1 year, 9 months ago
Description
‘ਅਨਾਸਕਤੀ’ ਅਤੇ ‘ਵੀਤਰਾਗ’ ਵਰਗੇ ਕੁੱਝ ਸ਼ਬਦ ਗੀਤਾ ਦਾ ਮੂਲ ਉਪਦੇਸ਼ ਹਨ। ਜਦੋਂ ਕਿ ‘ਆਸਕਤੀ’ (ਲਗਾਵ) ਅਤੇ ‘ਵਿਰਕਤੀ’ (ਘ੍ਰਿਣਾ) ਦੋ ਧਰੁੱਵ ਹਨ। ਅਨਾਸਕਤੀ ਦਾ ਅਰਥ ਇਨ੍ਹਾਂ ਧਰੁੱਵਾਂ ਨੂੰ ਪਾਰ ਕਰਨਾ ਹੈ। ਇਸੇ ਤਰ੍ਹਾਂ ਵੀਤਰਾਗ ਨਾ ਤਾਂ ਰਾਗ ਹੈ ਤੇ ਨਾ ਹੀ ਵਿਰਾਗ ਹੈ, ਸਗੋਂ ਦੋਵਾਂ ਤੋਂ ਪਰ੍ਹੇ ਹੈ। ਇਹ ਧਰੁੱਵੀਤਾ ਹੋਰ ਕੁੱਝ ਨਹੀਂ ਸਗੋਂ ਅਹੰਕਾਰ ਦੀ ਝਲਕ ਹਨ, ਅਤੇ ਇਕ ਅਹੰਕਾਰ ਨੂੰ ਛੱਡ ਦੇਣ ਉੱਤੇ ਵਿਅਕਤੀ ਸਾਰੇ ਦਵੰਧਾਂ ਨੂੰ ਪਾਰ ਕਰ ਜਾਂਦਾ ਹੈ। ਇਹ ਅਵਸਥਾ ਹੋਰ ਕੁੱਝ ਨਹੀਂ ਬਲਕਿ ਮੁਕਤੀ ਹੈ। ਇਸ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ, ਜੋ ਮੁਕਤ ਹੈ, ਆਸਕਤੀ ਤੋਂ ਰਹਿਤ ਹੈ, ਗਿਆਨ ਵਿੱਚ ਸਥਾਪਨ ਮਨ ਅਤੇ ਯੱਗ ਲਈ ਕਾਰਜ ਕਰਦਾ ਹੈ, ਉਸ ਦੇ ਸਾਰੇ ਕਰਮ ਵਿਲੀਨ ਹੋ ਜਾਂਦੇ ਹਨ (4.23)। ‘ਮੈਂ’, ਸਾਡੀ ਸੰਪਤੀ, ਦੋਸਤ ਤੇ ਦੁਸ਼ਮਣ, ਪਸੰਦ ਤੇ ਨਾਪਸੰਦ ਅਤੇ ਵਿਚਾਰ ਅਤੇ ਭਾਵਨਾਵਾਂ ਆਦਿ ਨਾਲ ਸਾਡੀ ਪਛਾਣ ਹੈ। ਇਨ੍ਹਾਂ ਨੂੰ ਛੱਡਣ ਨਾਲ ਅਸਥਾਈ ਖਾਲੀਪਣ ਆਉਂਦਾ ਹੈ ਜਿਸ ਨਾਲ ਦਰਦ, ਭੈਅ ਅਤੇ ਕ੍ਰੋਧ ਪੈਦਾ ਹੁੰਦਾ ਹੈ, ਇਸ ਲਈ ‘ਮੈਂ’ ਨੂੰ ਛੱਡਣਾ ਕੋਈ ਸੌਖਾ ਕਾਰਜ ਨਹੀਂ ਹੈ। ਇੱਥੇ ਦਿਲਚਸਪ ਬਾਤ ਇਹ ਹੈ ਕਿ ਸਿਰਫ਼ ਆਪਣੀ ਮਾਲਕੀ, ਪਛਾਣ ਅਤੇ ਕਰਤਾਪਣ ਦੀ ਭਾਵਨਾ ਨੂੰ ਛੱਡਣ ਦੀ ਗੱਲ ਹੈ, ਨਾ ਕਿ ਰਿਸ਼ਤਿਆਂ, ਚੀਜਾਂ ਜਾਂ ਲੋਕਾਂ ਨੂੰ ਛੱਡਣ ਦੀ। ਮੁਕਤੀ ਉਦੋਂ ਹੀ ਮਿਲਦੀ ਹੈ ਜਦੋਂ ਅਸੀਂ ਇਸ ਸੂਖਮ ਅੰਤਰ ਨੂੰ ਜਾਣ ਲੈਂਦੇ ਹਾਂ। ਜਿਸ ਵਿਅਕਤੀ ਨੇ ‘ਮੈਂ’ ਦਾ ਤਿਆਗ ਕਰ ਦਿੱਤਾ ਹੈ, ਉਸ ਦੇ ਸਾਰੇ ਨਿਰਸਵਾਰਥ ਕਰਮ ਯੱਗ ਹੀ ਹਨ, ਹੋਰ ਕੁੱਝ ਨਹੀਂ। ਯੱਗ ਦਾ ਸ਼ਾਬਦਿਕ ਅਰਥ ਇਕ ਧਾਰਮਿਕ ਅਗਨੀ ਹੈ ਜਿੱਥੇ ਅਗਨੀ ਨੂੰ ਆਹੂਤੀ ਦਿੱਤੀ ਜਾਂਦੀ ਹੈ। ਇੱਥੇ ਇਸ ਨੂੰ ਇਕ ਬਲੀਦਾਨ, ਜਾਂ ਦੇਣ ਅਤੇ ਲੈਣ ਵਜੋਂ ਇਕ ਰੂਪਕ ਦੇ ਤੌਰ ਤੇ ਵਰਤਿਆ ਜਾਂਦਾ ਹੈ। ਅਸੀਂ ਅੱਗ ਨੂੰ ਆਹੂਤੀ ਦਿੰਦੇ ਹਾਂ, ਜੋ ਬਦਲੇ ਵਿੱਚ ਸਾਨੂੰ ਗਰਮੀ ਦਿੰਦੀ ਹੈ, ਜਿਹੜੀ ਖਾਣਾ ਬਣਾਉਣ, ਪਾਣੀ ਨੂੰ ਤਰਲ ਰੂਪ ਵਿੱਚ ਰੱਖਣ ਅਤੇ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਵਰਗੇ ਉਦੇਸ਼ਾਂ ਲਈ ਜੀਵਨ ਵਾਸਤੇ ਜ਼ਰੂਰੀ ਹੈ। ਮਨੁੱਖੀ ਸਰੀਰ ਦੀ ਕਿਰਿਆ ਵੀ ਇਕ ਯੱਗ ਦੀ ਤਰ੍ਹਾਂ ਹੀ ਹੈ, ਜਿਸ ਵਿੱਚ ਇਕ ਅੰਗ ਦਿੰਦਾ ਹੈ ਅਤੇ ਦੂਜਾ ਲੈਂਦਾ ਹੈ ਅਤੇ ਇਹ ਸਾਰੇ ਇਕ ਦੂਜੇ ਉੱਤੇ ਨਿਰਭਰ ਹਨ। ਇਸ ਲਈ ਸ੍ਰੀ ਕ੍ਰਿਸ਼ਨ ਕਹਿੰਦੇ ਹਨ, ਅਰਪਣ ਕਰਨ ਦਾ ਕਾਰਜ, ਹਵਨ, ਅਗਨੀ ਆਦਿ ਨਿਯਮਾਂ ਅਨੁਸਾਰ ਕਾਰਜ ਕਰਦੇ ਹੋਏ ਬ੍ਰਹਮ ਦਾ ਰੂਪ ਹਨ, ਇੱਥੋਂ ਤੱਕ ਕਿ ਇਨ੍ਹਾਂ ਤੋਂ ਪ੍ਰਾਪਤ ਮੰਜ਼ਿਲ ਜਾਂ ਨਤੀਜੇ ਵੀ ਬ੍ਰਹਮ ਹਨ (4.24)। ਅਹੰਕਾਰ ਨੂੰ ਛੱਡਣਾ ਹੀ ਆਪਣੇ ਆਪ ਨੂੰ ਮੁਕਤ ਕਰਕੇ ਰਹਮ ਨੂੰ ਪਾਉਣਾ ਹੈ।